ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ , ਮੋਬਾਈਲਾਂ ਤੇ ਹੋਰ ਕੀਮਤੀ ਸਾਮਾਨ ਸਮੇਤ 4 ਗ੍ਰਿਫ਼ਤਾਰ
ਜਲੰਧਰ(ਸੁਸ਼ੀਲ ਸ਼ਰਮਾ):- ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਖ ਵੱਖ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਅਪਰਾਧੀਆਂ ਨੂੰ ਗਿ੍ਫ਼ਤਾਰ ਕਰਕੇ ਚੋਰਾਂ/ ਲੁੱਟਾਂ ਖੋਹਾਂ ਕਰਨ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਵੇਰਵੇ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਚੋਰਾਂ/ ਲੁੱਟਾਂ ਖੋਹਾਂ ਦਾ ਇੱਕ ਗਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਲੈਦਰ ਕੰਪਲੈਕਸ ਦੇ ਨੇੜੇ ਫੋਰਸ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਸੀ, ਜਿੱਥੇ ਉਨ੍ਹਾਂ ਨੇ 4 ਵਿਅਕਤੀਆਂ ਨੂੰ ਦਬੋਚ ਲਿਆ ਜੋ ਕਥਿਤ ਤੌਰ ‘ਤੇ ਆਸ ਪਾਸ ਦੇ ਇਲਾਕੇ ਵਿੱਚ ਚੋਰੀ ਕੀਤੇ ਮੋਬਾਈਲ ਫੋਨ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਸੋਨੂੰ ਭਲਵਾਨ ਪੁੱਤਰ ਨਾਨਕ ਸਿੰਘ ਵਾਸੀ ਰਾਜ ਨਗਰ ਜਲੰਧਰ, ਦੀਪਲ ਉਰਫ਼ ਦੀਪੂ ਪੁੱਤਰ ਉਦੇ ਰਾਜ ਵਾਸੀ ਸ਼ਿਵ ਨਗਰ ਜਲੰਧਰ, ਨਵੀਨ ਉਰਫ਼ ਗੇਂਦੂ ਪੁੱਤਰ ਸਵ. ਵਰਿੰਦਰ ਸਿੰਘ, ਵਾਸੀ ਸੰਗਤ ਨਗਰ, ਜਲੰਧਰ ਅਤੇ ਪਰਮਜੀਤ ਸਿੰਘ ਉਰਫ ਲੱਕੀ ਪੁੱਤਰ ਗੁਰਮੇਲ ਸਿੰਘ, ਥਾਣਾ ਸੰਗਤ ਨਗਰ, ਜਲੰਧਰ ਵਜੋਂ ਹੋਈ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ ਨੌਂ ਮੋਬਾਈਲ ਫੋਨ, ਦੋ ਲੈਪਟਾਪ ਅਤੇ ਦੋ ਖੰਜਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਮਿਤੀ 08.01.2025 ਨੂੰ 303(2), 304(2), ਅਤੇ 317(2) ਬੀ.ਐਨ.ਐਸ. ਨੂੰ ਐਫ.ਆਈ.ਆਰ ਨੰਬਰ 06 ਦਰਜ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।