ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ‘ਚ 4 ਸੀਟਾਂ ਰਾਖਵੀਆਂ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ(ਪਰਮਜੀਤ ਕੌਰ):-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸੈਸ਼ਨ 2024-25 ਦੌਰਾਨ ਕੇਂਦਰੀ ਪੂਲ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਦੀਆਂ 4 ਸੀਟਾਂ ਸਾਰੇ ਸੂਬਿਆਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਨਿਰਧਾਰਤ ਕੀਤੀਆਂ ਗਈਆਂ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਸੀਟਾਂ ਜਿਨ੍ਹਾਂ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਨਿਰਧਾਰਤ ਕੀਤੀ ਗਈ ਹੈ, ਉਨ੍ਹਾਂ ਵਿੱਚ ਗਯਾ (ਬਿਹਾਰ) ਦੇ ਏ.ਐਨ ਮਗਧ ਮੈਡੀਕਲ ਕਾਲਜ ਵਿਚ ਇਕ, ਮੁੰਬਈ (ਮਹਾਰਾਸ਼ਟਰ) ਦੇ ਗ੍ਰਾਂਟ ਮੈਡੀਕਲ ਕਾਲਜ ਵਿਚ ਇਕ ਅਤੇ ਰਾਏਪੁਰ (ਛੱਤੀਸਗੜ੍ਹ) ਜੇ.ਐਨ.ਐਮ ਮੈਡੀਕਲ ਕਾਲਜ ਵਿੱਚ ਦੋ ਸੀਟਾਂ ਰਾਖਵੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਲਈ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚੇ, ਜੋ ਐੱਮ.ਬੀ.ਬੀ.ਐੱਸ. ਦੇ ਲਈ ਲੋੜੀਂਦੀ ਯੋਗਤਾ ਰੱਖਣੇ ਹਨ, ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਉਮੀਦਵਾਰ ਦੇ 12ਵੀਂ ਜਮਾਤ ਦੇ ਮੈਡੀਕਲ ਵਿਸ਼ਿਆਂ ਵਿੱਚ ਜਨਰਲ ਕੈਟਾਗਰੀ ਵਿੱਚ 50 ਫੀਸਦੀ ਅੰਕ ਅਤੇ ਐਸ.ਸੀ., ਐਸ.ਟੀ., ਓ.ਬੀ.ਸੀ. ਵਿੱਚ 40 ਫੀਸਦੀ ਅੰਕ ਹੋਣੇ ਚਾਹੀਦੇ ਹਨ। ਉਮੀਦਵਾਰ ਦੇ ਨੈਟ ਪੇਪਰ ਵਿੱਚ ਜਨਰਲ ਸ਼੍ਰੇਣੀ ਲਈ 50 ਪ੍ਰਤੀਸ਼ਤ ਅੰਕ ਅਤੇ ਐਸ.ਸੀ, ਐਸ.ਟੀ ਅਤੇ ਓ.ਬੀ.ਸੀ ਲਈ 40 ਫੀਸਦੀ ਅੰਕਾਂ ਦਾ ਹੋਣਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ 17 ਸਤੰਬਰ ਤੋਂ ਪਹਿਲਾਂ ਰਾਜੀਵ ਕੁਮਾਰ, ਅੰਡਰ ਸੈਕਟਰੀ (ਸੀ.ਟੀ.-2), ਕਮਰਾ ਨੰਬਰ 81, ਸੀ.ਟੀ.ਸੀ.ਆਰ. ਡਵੀਜ਼ਨ, ਨਾਰਥ ਬਲਾਕ, ਨਵੀਂ ਦਿੱਲੀ ਨੂੰ ਭੇਜ ਸਕਦੇ ਹਨ। ਇਸ ਤੋਂ ਇਲਾਵਾ ਅਰਜ਼ੀ ਅਤੇ ਸਬੰਧਤ ਦਸਤਾਵੇਜ਼ਾਂ ਨੂੰ ਸਕੈਨ ਕਰਕੇ rajeev.kumar67@nic.in ‘ਤੇ ਡਾਕ ਰਾਹੀਂ ਭੇਜੀ ਜਾ ਸਕਦੀ ਹੈ।